ਸੁਲੇਮਾਨ ਨੇ ਬੁੱਧ ਦੀ ਬੇਨਤੀ ਕੀਤੀ
1. ਸੁਲੇਮਾਨ ਦੀ ਸਿਆਣਪ ਲਈ ਮੰਗ ਸੁਲੇਮਾਨ ਨੇ ਫ਼ਿਰਊਨ, ਮਿਸਰ ਦੇ ਰਾਜੇ ਦੀ ਧੀ ਨਾਲ ਵਿਆਹ ਕੀਤਾ ਅਤੇ ਉਸ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਲੈ ਆਇਆ। ਉਸਦਾ ਮਹਿਲ ਅਤੇ ਯਹੋਵਾਹ ਦਾ ਮੰਦਰ ਉਸ ਵਕਤ ਹਾਲੇ ਬਣ ਰਹੇ ਸਨ। ਉਹ ਯਰੂਸ਼ਲਮ ਦੇ ਦੁਆਲੇ ਇੱਕ ਕੰਧ ਵੀ ਉਸਾਰ ਰਿਹਾ ਸੀ।
2. ਮੰਦਰ ਦਾ ਨਿਰਮਾਣ ਅਜੇ ਪੂਰਾ ਨਹੀਂ ਸੀ ਹੋਇਆ ਤਾਂ ਲੋਕ ਅਜੇ ਵੀ ਉੱਚੀਆਂ ਥਾਵਾਂ ਉੱਪਰ ਅਤੇ ਜਗਵੇਦੀਆਂ ਉੱਪਰ ਬਲੀਆਂ ਚੜ੍ਹਾਉਂਦੇ ਸਨ।
3. ਸੁਲੇਮਾਨ ਨੇ ਇਹ ਦਰਸਾਇਆ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਭ ਜਿਵੇਂ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਦੱਸਿਆ ਹੋਇਆ ਸੀ, ਉਸ ਅਨੁਸਾਰ ਉਸਦੀ ਆਗਿਆ ਦਾ ਪਾਲਨ ਕਰਕੇ ਦਰਸਾਇਆ। ਪਰ ਸੁਲੇਮਾਨ ਨੇ ਕੁਝ ਉਹ ਵੀ ਕੀਤਾ ਜੋ ਉਸ ਦੇ ਪਿਤਾ ਦਾਊਦ ਨੇ ਉਸ ਨੂੰ ਕਰਨ ਨੂੰ ਨਹੀਂ ਸੀ ਕਿਹਾ। ਸੁਲੇਮਾਨ ਅਜੇ ਵੀ ਉੱਚੀਆਂ ਥਾਵਾਂ ਉੱਪਰ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।
4. ਸੁਲੇਮਾਨ ਪਾਤਸ਼ਾਹ ਬਲੀ ਚੜ੍ਹਾਉਣ ਲਈ ਗਿਬਓਨ ਨੂੰ ਗਿਆ, ਓੱਥੇ ਉਹ ਇਸ ਲਈ ਗਿਆ ਕਿਉਂ ਕਿ ਉਹ ਸਭ ਤੋਂ ਵੱਧ ਮਹੱਤਵਪੂਰਣ ਉੱਚੀ ਥਾਂ ਸੀ, ਉਸ ਜਗਵੇਦੀ ਉੱਪਰ ਸੁਲੇਮਾਨ ਨੇ ਉਸ ਜਗਵੇਦੀ ਉੱਤੇ 1,000 ਭੇਟਾਂ ਚੜ੍ਹਾਈਆਂ।
5. ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, “ਜੋ ਤੂੰ ਚਾਹੇਂ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।”
6. ਸੁਲੇਮਾਨ ਨੇ ਜਵਾਬ ਦਿੱਤਾ, “ਤੂੰ, ਮੇਰੇ ਪਿਤਾ ਦਾਊਦ ਤੇ ਬਹੁਤ ਦਯਾਲੂ ਸੀ, ਜੋ ਕਿ ਤੇਰਾ ਸੇਵਕ ਸੀ, ਕਿਉਂ ਕਿ ਉਸ ਨੇ ਵਫ਼ਾਦਾਰੀ ਨਿਆਂ ਅਤੇ ਸਾਫ਼ ਦਿਲ ਨਾਲ ਤੇਰਾ ਅਨੁਸਰਣ ਕੀਤਾ। ਤੂੰ ਉਸ ਦੇ ਪੁੱਤਰ ਨੂੰ ਉਸ ਦੇ ਸਿੰਘਾਸਣ ਉੱਤੇ ਬੈਠਣ ਅਤੇ ਉਸਦੀ ਮੌਤ ਤੋਂ ਬਾਅਦ ਹਕੂਮਤ ਕਰਨ ਦਿੱਤੀ।
7. ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਮੈਨੂੰ ਮੇਰੇ ਪਿਤਾ ਦੀ ਥਾਵੇਂ ਸਿੰਘਾਸਣ ਗੱਦੀ ਉੱਪਰ ਬੈਠਣ ਦੀ ਆਗਿਆ ਦਿੱਤੀ ਹੈ, ਪਰ ਮੈਂ ਇੱਕ ਛੋਟਾ ਬੱਚਾ ਹਾਂ ਅਤੇ ਲੋਕਾਂ ਦੀ ਅਗਵਾਈ ਲਈ ਅਨੁਭਵ ਦਾ ਕੱਚਾ ਹਾਂ।
8. ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜ੍ਹਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸੱਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿੱਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ।
9. ਇਸ ਲਈ ਮੈਂ ਤੈਥੋਂ ਸਿਆਣਪ ਮੰਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸੱਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿੱਚਕਾਰ ਪਰੱਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸੰਭਵ ਹੈ।”
10. ਯਹੋਵਾਹ ਬਹੁਤ ਪ੍ਰਸੰਨ ਹੋਇਆ ਕਿ ਸੁਲੇਮਾਨ ਨੇ ਸਿਆਪਣ ਦੀ ਮੰਗ ਕੀਤੀ ਸੀ।
11. ਤਾਂ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੂੰ ਆਪਣੇ ਲਈ ਮੇਰੇ ਕੋਲੋਂ ਜੀਵਨ ਨਹੀਂ ਮੰਗਿਆ ਨਾ ਹੀ ਤੂੰ ਆਪਣੇ ਲਈ ਮੇਰੇ ਕੋਲੋਂ ਅਮੀਰੀ ਅਤੇ ਧੰਨ-ਦੌਲਤ ਮੰਗੇ। ਨਾ ਹੀ ਤੂੰ ਆਪਣੇ ਦੁਸ਼ਮਣਾਂ ਲਈ ਮੌਤ ਮੰਗੀ ਸਗੋਂ ਤੂੰ ਲੋਕਾਂ ਨੂੰ ਸੁਣਨ ਅਤੇ ਨਿਆਂ ਦੇਣ ਲਈ ਆਪਣੇ ਲਈ ਬੁੱਧ ਮੰਗੀ ਹੈ।
12. ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁੱਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁੱਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸਾਨੀ ਹੋਵੇਗਾ।
13. ਇਸ ਦੇ ਇਲਾਵਾ ਤੈਨੂੰ ਉਹ ਵਸਤਾਂ ਇਨਾਮ ਦੇ ਤੌਰ ਤੇ ਦੇਵਾਂਗਾ ਜੋ ਤੂੰ ਨਹੀਂ ਮੰਗੀਆਂ। ਤੈਨੂੰ ਤਮਾਮ ਜ਼ਿੰਦਗੀ ਅਮੀਰੀ ਅਤੇ ਖੁਸ਼ੀਆਂ ਤੇ ਮਾਨ ਸੰਮਾਨ ਪ੍ਰਾਪਤ ਹੋਵੇਗਾ ਅਤੇ ਤੇਰੇ ਤੋਂ ਵੱਡਾ ਪਾਤਸ਼ਾਹ ਦੁਨੀਆਂ ਵਿੱਚ ਨਾ ਹੋਇਆ ਹੈ ਨਾ ਹੋਵੇਗਾ।
14. ਜੇਕਰ ਤੂੰ ਮੇਰੇ ਰਾਹਾਂ ਤੇ ਚੱਲੇਂਗਾ ਅਤੇ, ਮੇਰੀਆਂ ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੈਨੂੰ ਇੱਕ ਲੰਬਾ ਜੀਵਨ ਦੇਵਾਂਗਾ।”
15. ਸੁਲੇਮਾਨ ਜਾਗ ਪਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸੁਪਨੇ ਵਿੱਚ ਗੱਲ ਕੀਤੀ ਸੀ। ਫ਼ਿਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਯਹੋਵਾਹ ਦੇ ਇਕਰਾਰਨਾਮੇ ਦੇ ਸੰਦੂਕ ਦੇ ਅੱਗੇ ਖਲੋ ਗਿਆ। ਉਸ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਫਿਰ ਉਸ ਨੇ ਉਨ੍ਹਾਂ ਸਭ ਆਗੂਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਉਸਦੀ ਰਾਜ ਵਿੱਚ ਹਕੂਮਤ ਕਰਨ ਵਿੱਚ ਮਦਦ ਕੀਤੀ ਸੀ, ਦਾਅਵਤ ਦਿੱਤੀ।
ਸੁਲੇਮਾਨ ਦਾ ਬੁੱਧੀਮਾਨ ਨਿਰਣਾ
16. ਸੁਲੇਮਾਨ ਦਾ ਸਿਆਣਪ ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਹਮਣੇ ਆ ਖਲੋਤੀਆਂ।
17. ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, “ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ।
18. ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ।
19. ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ।
20. ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ।
21. ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।”
22. ਪਰ ਦੂਜੀ ਔਰਤ ਨੇ ਕਿਹਾ, “ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।” ਪਰ ਪਹਿਲੀ ਔਰਤ ਨੇ ਆਖਿਆ, “ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!” ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਹਮਣੇ ਦਲੀਲ ਬਾਜੀ ਕੀਤੀ।
23. ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, “ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।”
24. ਤਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ।
25. ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, “ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।”
26. ਦੂਜੀ ਔਰਤ ਨੇ ਕਿਹਾ, “ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।” ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, “ਮਾਲਕ ਕ੍ਰਿਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸ ਨੂੰ ਹੀ ਦੇ ਦੇਵੋ।”
27. ਤਦ ਸੁਲੇਮਾਨ ਪਾਤਸ਼ਾਹ ਨੇ ਕਿਹਾ, “ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।”
28. ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।